🔥 TRENDING Iran Readies Forces to Counter Possibl... India's Kiren Rijiju Meets Bhutan PM t... Fitch Ratings warns US Fed policy coul... Pro‑Khalistan slogans graffitied on De... દિવાળી‑છઠ્ઠ પૂજા માટે સુરત‑ઉધનાથી ઉત્ત... Bhopal: Man Arrested After Beating Wom...
01 Nov 2026•
ગુજરાતી मराठी ਪੰਜਾਬੀ বাংলা
Health

ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ! ਕੈਮਿਸਟਾਂ ਲਈ ਨਵੇਂ ਫਰਮਾਨ ਜਾਰੀ

✍️ Reporter: Shamsher Singh 🗓 01 Nov 2026, 08:27 PM 👁 21
Share: 💬 WhatsApp 📘 Facebook 𝕏 Post

ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ! ਕੈਮਿਸਟਾਂ ਲਈ ਨਵੇਂ ਫਰਮਾਨ ਜਾਰੀ

ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ! ਕੈਮਿਸਟਾਂ ਲਈ ਨਵੇਂ ਫਰਮਾਨ ਜਾਰੀ
‎Sunday, Nov 01, 2026 ।
‎ਅੰਮ੍ਰਿਤਸਰ (need24)-ਸਿਹਤ ਵਿਭਾਗ ਦੇ ਡਰੱਗ ਵਿੰਗ ਵੱਲੋਂ ਮੈਡੀਕਲ ਸਟੋਰਾਂ ’ਤੇ ਕੀਤੀ ਜਾ ਰਹੀ ਸਖ਼ਤੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਹੋ ਰਹੀ ਕਾਰਵਾਈ ਦਰਮਿਆਨ ਕੈਮਿਸਟਾਂ ’ਚ ਪੈਦਾ ਹੋ ਰਹੀ ਚਿੰਤਾ ਨੂੰ ਦੂਰ ਕਰਨ ਲਈ ਹੁਣ ਡਰੱਗ ਵਿਭਾਗ ਦੇ ਅਧਿਕਾਰੀ ਖ਼ੁਦ ਮੈਦਾਨ ’ਚ ਉਤਰ ਆਏ ਹਨ। ਪੰਜਾਬ ਦੀ ਪ੍ਰਮੁੱਖ ਹੋਲਸੇਲ ਦਵਾਈ ਮਾਰਕੀਟ ਕਟੜਾ ਸ਼ੇਰ ਸਿੰਘ ਵਿਖੇ ਡਰੱਗ ਵਿੰਗ ਦੇ ਅਧਿਕਾਰੀਆਂ ਨੇ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਦਵਾਈ ਕਾਰੋਬਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸਪੱਸ਼ਟ ਕੀਤਾ ਕਿ ਵਿਭਾਗ ਦਾ ਮਕਸਦ ਕਿਸੇ ਵੀ ਕਾਰੋਬਾਰੀ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨਾ ਨਹੀਂ, ਸਗੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਾਲ ਮਰੀਜ਼ਾਂ ਨੂੰ ਦਵਾਈਆਂ ਦੀ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣਾ ਹੈ। ਦੂਜੇ ਪਾਸੇ ਇਕਜੁੱਟ ਹੋਏ ਕੈਮਿਸਟਾਂ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਮਰੀਜ਼ਾਂ ਦੀ ਭਲਾਈ ਲਈ ਨਿਯਮਾਂ ਮੁਤਾਬਕ ਕੰਮ ਕਰਦੇ ਰਹਿਣਗੇ ਅਤੇ ਕਿਸੇ ਤਰ੍ਹਾਂ ਦੀ ਦਵਾਈ ’ਤੇ ਪਾਬੰਦੀ ਨਹੀਂ ਲਗਾਉਣਗੇ।
‎ਮੀਟਿੰਗ ਦੌਰਾਨ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਕੁਲਵਿੰਦਰ ਸਿੰਘ, ਡਰੱਗ ਕੰਟਰੋਲ ਅਧਿਕਾਰੀ ਬਬਲੀਨ ਕੌਰ, ਡਰੱਗ ਇੰਸਪੈਕਟਰ ਰੋਹਿਤ ਅਤੇ ਸੁਖਦੀਪ ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ। ਇਸ ਮੌਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਦੇਵਰਾਜ ਅਤੇ ਹੋਲਸੇਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਵੀ ਕੈਮਿਸਟਾਂ ਦੀਆਂ ਸਮੱਸਿਆਵਾਂ ਅਤੇ ਦਵਾਈਆਂ ਦੀ ਉਪਲੱਬਧਤਾ ਸਬੰਧੀ ਵਿਚਾਰ ਸਾਂਝੇ ਕੀਤੇ। ਜ਼ੈੱਡ. ਐੱਲ. ਏ. ਕੁਲਵਿੰਦਰ ਸਿੰਘ ਨੇ ਕੈਮਿਸਟਾਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰੈਗਾਬਾਲਿਨ 75 ਮਿਲੀਗ੍ਰਾਮ ਦਵਾਈ ਸਬੰਧੀ ਹਦਾਇਤਾਂ ਦਿੰਦੇ ਕਿਹਾ ਕਿ ਇਸ ਦਵਾਈ ਨੂੰ ਵਾਪਸ ਕਰਨ ਜਾਂ ਇਸ ਦੀ ਵਿਕਰੀ ਬੰਦ ਕਰਨ ਦੀ ਬਜਾਏ ਨਿਯਮਾਂ ਅਨੁਸਾਰ ਹੀ ਵੇਚਿਆ ਜਾਵੇ। ਜੇਕਰ ਕੋਈ ਮਰੀਜ਼ ਡਾਕਟਰ ਦੀ ਪਰਚੀ ਲੈ ਕੇ ਦਵਾਈ ਖ਼ਰੀਦਣ ਆਉਂਦਾ ਹੈ ਤਾਂ ਉਸ ਨੂੰ ਨਿਯਮਾਂ ਮੁਤਾਬਕ ਦਵਾਈ ਦਿੱਤੀ ਜਾਵੇ ਅਤੇ ਪਰਚੀ ’ਤੇ ਆਪਣੇ ਮੈਡੀਕਲ ਸਟੋਰ ਦੀ ਮੋਹਰ ਜ਼ਰੂਰ ਲਗਾਈ ਜਾਵੇ। ਇਸ ਦੇ ਨਾਲ ਦਵਾਈ ਦੇਣ ਦੀ ਤਾਰੀਖ਼ ਅਤੇ ਸਮਾਂ ਵੀ ਦਰਜ ਕੀਤਾ ਜਾਵੇ, ਤਾਂ ਜੋ ਅਗਲੇ ਮੈਡੀਕਲ ਸਟੋਰ ਨੂੰ ਪਤਾ ਲੱਗ ਸਕੇ ਕਿ ਮਰੀਜ਼ ਪਹਿਲਾਂ ਕਿੱਥੋਂ ਅਤੇ ਕਦੋਂ ਦਵਾਈ ਲੈ ਚੁੱਕਾ ਹੈ।
‎
‎ਇਸ ਪ੍ਰਕਿਰਿਆ ਨਾਲ ਦਵਾਈ ਦੀ ਸੰਭਾਵਿਤ ਦੁਰਵਰਤੋਂ ’ਤੇ ਨਜ਼ਰ ਰੱਖਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਦਵਾਈਆਂ ਵਾਪਸ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਕੈਮਿਸਟਾਂ ਨੂੰ ਮਰੀਜ਼ਾਂ ਦੀ ਸਿਹਤ ਅਤੇ ਲੋੜ ਨੂੰ ਪਹਿਲ ਦੇਣੀ ਚਾਹੀਦੀ ਹੈ। ਜਿਹੜੇ ਮਰੀਜ਼ ਨਿਯਮਾਂ ਮੁਤਾਬਕ ਦਵਾਈ ਲੈਣ ਆਉਂਦੇ ਹਨ, ਉਨ੍ਹਾਂ ਨੂੰ ਬੇਵਜ੍ਹਾ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
‎ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪਿਛਲੇ ਸਮੇਂ ਦੌਰਾਨ ਲੱਗਭਗ 1550 ਮੈਡੀਕਲ ਸਟੋਰਾਂ ਦੀ ਅਚਨਚੇਤ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ ਸਿਰਫ਼ 42 ਦੁਕਾਨਾਂ ’ਤੇ ਹੀ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ, ਜਿਨ੍ਹਾਂ ਦੇ ਸਬੰਧ ’ਚ ਲਗਭਗ 1 ਕਰੋੜ 15 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂਚ ਦੌਰਾਨ ਬਾਕੀ ਜ਼ਿਆਦਾਤਰ ਮੈਡੀਕਲ ਸਟੋਰ ਨਿਯਮਾਂ ਅਨੁਸਾਰ ਕਾਰੋਬਾਰ ਕਰਦੇ ਪਾਏ ਗਏ ਹਨ। ਜ਼ਿਲ੍ਹੇ ’ਚ ਕੁੱਲ੍ਹ ਮੈਡੀਕਲ ਸਟੋਰਾਂ ਦੀ ਗਿਣਤੀ ਲਗਭਗ 4500 ਹੈ। ਉਨ੍ਹਾਂ ਕਿਹਾ ਕਿ ਸਾਰੇ ਮੈਡੀਕਲ ਸਟੋਰਾਂ ਨੂੰ ਇੱਕੋ ਨਜ਼ਰੀਏ ਨਾਲ ਵੇਖਣਾ ਠੀਕ ਨਹੀਂ ਹੈ। ਕੁਝ ਲੋਕਾਂ ਵੱਲੋਂ ਨਿਯਮਾਂ ਦੇ ਉਲਟ ਕੰਮ ਕਰਨ ਕਾਰਨ ਪੂਰੇ ਦਵਾਈ ਕਾਰੋਬਾਰ ਦਾ ਅਕਸ ਖ਼ਰਾਬ ਹੁੰਦਾ ਹੈ, ਜਦਕਿ ਬਹੁਤ ਸਾਰੇ ਕੈਮਿਸਟ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
‎ਡਰੱਗ ਕੰਟਰੋਲ ਅਧਿਕਾਰੀ ਬਬਲੀਨ ਕੌਰ ਨੇ ਕਿਹਾ ਕਿ ਵਿਭਾਗ ਦਾ ਉਦੇਸ਼ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕੈਮਿਸਟਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ। ਜਿਹੜੇ ਮੈਡੀਕਲ ਸਟੋਰ ਮਾਲਕ ਨਿਯਮਾਂ ਅਨੁਸਾਰ ਦਵਾਈਆਂ ਦੀ ਖ਼ਰੀਦ-ਵੇਚ ਕਰਦੇ ਹਨ ਅਤੇ ਆਪਣਾ ਰਿਕਾਰਡ ਮੁਕੰਮਲ ਰੱਖਦੇ ਹਨ, ਉਨ੍ਹਾਂ ਨੂੰ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
📲Get App