🔥 TRENDING વાંસદાની કુમાર શાળા પાસે ગંદકીનો ઢગલો:... મહુવા સુગર ફેક્ટરીના ડિસ્ટિલરી વિભાગને... फतेहगढ़ उपखंड में आज सुबह 11 बजे होगी... અંબાજી DMK chief M.K. Stalin asks CEC Gyanesh... 300-Year-Old Tamil Nadu Craft Revived...
24 Sep 2026
ગુજરાતી मराठी ਪੰਜਾਬੀ বাংলা
ਰੂਪਨਗਰ ਵਿੱਚ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਭਰਵਾਂ ਸਵਾਗਤ, ਲੋਕਾਂ ਨੇ 'ਆਪ' ਸਰਕਾਰ ਖਿਲਾਫ ਕੱਢੀ ਭੜਾਸ
Politics

ਰੂਪਨਗਰ ਵਿੱਚ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਭਰਵਾਂ ਸਵਾਗਤ, ਲੋਕਾਂ ਨੇ 'ਆਪ' ਸਰਕਾਰ ਖਿਲਾਫ ਕੱਢੀ ਭੜਾਸ

✍️ Reporter: Sandeep Kumar Joshi 🗓 24 Sep 2026, 09:10 AM 👁 13
Share: 💬 WhatsApp 📘 Facebook 𝕏 Post

ਭਾਰਤੀ ਜਨਤਾ ਪਾਰਟੀ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਰੂਪਨਗਰ ਪੁੱਜਣ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਇਆ।

ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਰੂਪਨਗਰ (ਰੋਪੜ) ਵਿਖੇ ਪੁੱਜਣ 'ਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰੂਪਨਗਰ ਵਿਖੇ ਹੋਏ ਇਸ ਵਿਸ਼ਾਲ ਇਕੱਠ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੌਜੂਦਾ 'ਝਾੜੂ' (ਆਮ ਆਦਮੀ ਪਾਰਟੀ) ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਲੋਕਾਂ ਦੇ ਭਾਰੀ ਸਮਰਥਨ ਸਦਕਾ ਭਾਜਪਾ ਦੀ ਇਹ ਯਾਤਰਾ ਹੁਣ ਇੱਕ ਵਿਸ਼ਾਲ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ।

ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਭਾਜਪਾ ਦੀ ਇਹ 'ਨਸ਼ਾ ਮੁਕਤ ਯਾਤਰਾ' ਕੇਵਲ ਇੱਕ ਸਿਆਸੀ ਪਾਰਟੀ ਦੀ ਯਾਤਰਾ ਨਹੀਂ ਹੈ, ਸਗੋਂ ਇਹ ਪੂਰੇ ਸੂਬੇ ਦੀ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਇੱਕ ਅਹਿਮ ਮੁਹਿੰਮ ਹੈ। ਉਨ੍ਹਾਂ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ, "ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਸਲ ਵਕਤ ਆ ਗਿਆ ਹੈ। ਜੇਕਰ ਪੰਜਾਬ ਸਰਕਾਰ ਚਾਹੁੰਦੀ ਤਾਂ ਸੂਬੇ ਨੂੰ ਕਦੋਂ ਦਾ ਨਸ਼ਾ ਮੁਕਤ ਕਰ ਸਕਦੀ ਸੀ। 'ਆਪ' ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀਆਂ 6-6 ਵਾਰ ਡੈੱਡਲਾਈਨਾਂ (ਸਮਾਂ ਸੀਮਾਵਾਂ) ਦਿੱਤੀਆਂ, ਪਰ ਜ਼ਮੀਨੀ ਪੱਧਰ 'ਤੇ ਨਸ਼ਾ ਖ਼ਤਮ ਨਹੀਂ ਹੋਇਆ ਸਗੋਂ ਇਸ ਦਾ ਜਾਲ ਹੋਰ ਫੈਲ ਗਿਆ ਹੈ।"

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਭਾਜਪਾ ਦੇ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਧਰਤੀ ਨਸ਼ਿਆਂ ਦੀ ਲਪੇਟ ਵਿੱਚ ਹੈ। ਉਨ੍ਹਾਂ ਕਿਹਾ, "ਮੌਜੂਦਾ ਸੂਬਾ ਸਰਕਾਰ ਨੇ ਅੱਜ ਤੱਕ ਇੱਕ ਵੀ ਵੱਡੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ਤੋਂ ਸਰਕਾਰ ਦੀ ਨੀਅਤ ਸਾਫ਼ ਪਤਾ ਲੱਗਦੀ ਹੈ।" ਲਾਲਪੁਰਾ ਨੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਇਸ ਗੁਰੂਆਂ ਦੀ ਧਰਤੀ ਨੂੰ ਨਸ਼ਾ ਮੁਕਤ ਬਣਾਉਣਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਗਾਰੰਟੀ ਹੈ।

ਇਸ ਦੌਰਾਨ ਰੋਪੜ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਆਏ ਹੋਏ ਹਜ਼ਾਰਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਡਟ ਕੇ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ, "'ਝਾੜੂ' ਸਰਕਾਰ ਦੇ ਰਾਜ ਵਿੱਚ ਨਸ਼ੇ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਮਾਵਾਂ ਦੇ ਪੁੱਤ ਰੋਜ਼ਾਨਾ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।"

ਰੈਲੀ ਦੇ ਅੰਤ ਵਿੱਚ ਭਾਜਪਾ ਲੀਡਰਸ਼ਿਪ ਨੇ ਇੱਕਜੁੱਟ ਹੋ ਕੇ ਹੋਕਾ ਦਿੱਤਾ ਕਿ ਲੋਕਾਂ ਦੇ ਇਸ ਭਾਰੀ ਉਤਸ਼ਾਹ ਤੋਂ ਇਹ ਗੱਲ ਤੈਅ ਹੈ ਕਿ ਉਹ ਦਿਨ ਹੁਣ ਦੂਰ ਨਹੀਂ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਭਾਜਪਾ ਦੀ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਮੁੜ ਤੋਂ ਇੱਕ ਸਿਹਤਮੰਦ ਅਤੇ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ। ਸਰਕਲ ਪ੍ਰਧਾਨ ਕਾਜਲਾ ਨੇ ਪਹੁੰਚੇ ਸਾਰੇ ਭਾਜਪਾ ਵਰਕਰਾਂ, ਸਮਰਥਕਾਂ, ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਜਗਦੀਸ਼ ਸਿੰਘ ਕਟਲੀ, ਰਮਨ ਜਿੰਦਲ, ਮਦਨ ਸ਼ੋਂਕੀ, ਚਮਨ ਲਾਲ ਵਰਮਾ, ਅਵਤਾਰ ਸਿੰਘ ਪੱਪੀ, ਹੇਮੰਤ ਕਪਿਲਾ, ਓਂਕਾਰ ਸਿੰਘ ਅਭਿਆਣਾ, ਸੰਜੇ ਪ੍ਰਤਾਪ ਜੈਨ, ਰਾਜ ਕੁਮਾਰ ਰਾਣਾ, ਮੁਕੇਸ਼ ਨੱਡਾ, ਜਸਵੀਰ ਕੌਰ, ਕਿਰਨ ਗੁਪਤਾ, ਮੋਨਿਕਾ ਸ਼ਰਮਾ, ਮੁਕੇਸ਼ ਗੁਪਤਾ, ਧਰਮਿੰਦਰ ਸਿੰਘ ਭਿੰਡਾ, ਇੰਦਰਪਾਲ ਸਿੰਘ ਲੋਹਗੜ੍ਹ ਫਿੱਡੇ, ਹਿੰਮਤ ਸਿੰਘ ਗਿਰਾਨ, ਸਤਿੰਦਰ ਨਾਗੀ, ਜਗਮਨਦੀਪ ਸਿੰਘ, ਜੋਤੀ ਨਾਗੀ, ਅਰਸ਼ ਬਾਠ, ਵਿਸ਼ਨੂ ਭਾਟਨਾਗਰ ਅਤੇ ਹੋਰ ਆਗੂ ਮੌਜੂਦ ਸਨ।
📲Get App