🔥 TRENDING Ramayana Hits Top-3 Bollywood Grossers... Punjab Police Bust Gangster Network in... અહમદાબાદ હાઇવે પર લીમડી નજીક તહેવાર બા... Veteran Malayalam Actors Jagadish, Muk... पंढरपूर तालुक्यातील आंबे येथे विहिरीच्... Manipur Deputy Chief Minister honors t...
15 Nov 2026•
ગુજરાતી मराठी ਪੰਜਾਬੀ বাংলা
Crime

ਲਾਪਤਾ ਢਾਈ ਸਾਲਾ ਮਾਸੂਮ ਦੀ ਗੁਆਂਢੀਆਂ ਦੀ ਛੱਤ ਤੋਂ ਮਿਲੀ ਲਾਸ਼

✍️ Reporter: Gaurav Sharma 🗓 15 Nov 2026, 03:57 PM 👁 24
Share: 💬 WhatsApp 📘 Facebook 𝕏 Post

ਲਾਪਤਾ ਢਾਈ ਸਾਲਾ ਮਾਸੂਮ ਦੀ ਗੁਆਂਢੀਆਂ ਦੀ ਛੱਤ ਤੋਂ ਮਿਲੀ ਲਾਸ਼

ਲਾਪਤਾ ਢਾਈ ਸਾਲਾ ਮਾਸੂਮ ਦੀ ਗੁਆਂਢੀਆਂ ਦੀ ਛੱਤ ਤੋਂ ਮਿਲੀ ਲਾਸ਼

ਸ਼ਨੀਵਾਰ ਦੁਪਹਿਰ ਘਰ ਦੇ ਸਾਹਮਣੇ ਗਲੀ ’ਚ ਖੇਡਦੇ ਸਮੇਂ ਹੋਇਆ ਸੀ ਲਾਪਤਾ, ਪੋਸਟਮਾਰਟਮ ਰਿਪੋਰਟ ਤੋਂ ਖੁੱਲ੍ਹੇਗਾ ਮੌਤ ਦਾ ਭੇਤ

ਲਾਲੜੂ, 15 ਨਵੰਬਰ
ਪਿੰਡ ਬੱਲੋਪੁਰ ਵਿੱਚ ਸ਼ਨੀਵਾਰ ਦੁਪਹਿਰ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ ਢਾਈ ਸਾਲਾ ਮਾਸੂਮ ਗੁਰਸਾਜ਼ ਦੀ ਲਾਸ਼ ਐਤਵਾਰ ਤੜਕਸਾਰ ਗੁਆਂਢੀਆਂ ਦੇ ਮਕਾਨ ਦੀ ਛੱਤ ਤੋਂ ਮਿਲਣ ਨਾਲ ਪੂਰੇ ਪਿੰਡ ਵਿੱਚ ਸਨਸਨੀ ਫੈਲ ਗਈ। ਜਿਸ ਮਾਸੂਮ ਦੀ ਸਲਾਮਤੀ ਲਈ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਪਿਛਲੇ ਕਰੀਬ 20 ਘੰਟਿਆਂ ਤੋਂ ਭਾਲ ਕਰ ਰਹੇ ਸਨ, ਉਸ ਦੀ ਲਾਸ਼ ਘਰ ਤੋਂ ਚਾਰ-ਪੰਜ ਮਕਾਨ ਛੱਡ ਕੇ ਇਕ ਘਰ ਦੀ ਟੀਨ ਵਾਲੀ ਛੱਤ ਤੋਂ ਬਰਾਮਦ ਹੋਣ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।
ਜਾਣਕਾਰੀ ਅਨੁਸਾਰ ਪਿੰਡ ਬੱਲੋਪੁਰ ਵਾਸੀ ਗੁਰਵਿੰਦਰ ਸਿੰਘ ਦਾ ਢਾਈ ਸਾਲਾ ਪੁੱਤਰ ਗੁਰਸਾਜ਼ ਸ਼ਨੀਵਾਰ ਦੁਪਹਿਰ ਕਰੀਬ ਸਾਢੇ 12 ਵਜੇ ਆਪਣੇ ਘਰ ਦੇ ਸਾਹਮਣੇ ਗਲੀ ਵਿੱਚ ਖੇਡ ਰਿਹਾ ਸੀ। ਬੱਚੇ ਦੇ ਦਾਦਾ ਬਹਾਦਰ ਸਿੰਘ ਨੇ ਦੱਸਿਆ ਕਿ ਕਰੀਬ 20 ਮਿੰਟ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਦੇਖਿਆ ਤਾਂ ਉਹ ਗਲੀ ਵਿੱਚੋਂ ਗਾਇਬ ਸੀ। ਪਰਿਵਾਰ ਨੇ ਤੁਰੰਤ ਆਲੇ-ਦੁਆਲੇ ਦੀਆਂ ਗਲੀਆਂ ਅਤੇ ਮੁਹੱਲੇ ਵਿੱਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਰਿਸ਼ਤੇਦਾਰਾਂ ਅਤੇ ਹੋਰ ਸੰਭਾਵਿਤ ਥਾਵਾਂ ’ਤੇ ਵੀ ਪਤਾ ਕੀਤਾ ਗਿਆ, ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ। ਆਖ਼ਰਕਾਰ ਪਰਿਵਾਰ ਨੇ ਲਾਲੜੂ ਥਾਣੇ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਬੱਚੇ ਦੀ ਭਾਲ ਕਰਨ ਦੀ ਗੁਹਾਰ ਲਗਾਈ।
ਐਤਵਾਰ ਤੜਕਸਾਰ ਜਦੋਂ ਚਾਰ ਪੰਜ ਘਰ ਛੱਡ ਕੇ ਇੱਕ ਮਕਾਨ ਦੀ ਟੀਨ ਵਾਲੀ ਛੱਤ ਤੇ ਮਾਸੂਮ ਦੀ ਲਾਸ਼ ਦਿਖਾਈ ਦਿੱਤੀ ਤਾਂ ਇਲਾਕੇ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਲਾਲੜੂ ਥਾਣਾ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈਆਂ ਅਤੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮਾਂ ਨੇ ਗਲੀ ਵਿੱਚ ਰਹਿਣ ਵਾਲੇ ਇਕ ਪਰਿਵਾਰ ’ਤੇ ਸ਼ੱਕ ਜ਼ਾਹਰ ਕੀਤਾ ਹੈ। ਹਾਲਾਂਕਿ ਪੁਲਸ ਵੱਲੋਂ ਇਸ ਸਬੰਧੀ ਕੋਈ ਨਤੀਜਾ ਕੱਢਣ ਤੋਂ ਪਹਿਲਾਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।

ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਈ ਲਾਸ਼, ਡਾਕਟਰਾਂ ਦਾ ਬੋਰਡ ਕਰੇਗਾ ਪੋਸਟਮਾਰਟਮ

ਪੁਲਸ ਵੱਲੋਂ ਮਾਸੂਮ ਦੀ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਡਾਕਟਰਾਂ ਦੇ ਬੋਰਡ ਵੱਲੋਂ ਬੱਚੇ ਦਾ ਪੋਸਟਮਾਰਟਮ ਕੀਤਾ ਜਾਵੇਗਾ, ਜਿਸ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਸ ਅਤੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਚਾਰ ਪੰਜ ਘਰ ਛੱਡ ਗਵਾਂਢੀਆਂ ਦੀ ਛੱਤ ’ਤੇ ਕਿਵੇਂ ਪਹੁੰਚਿਆ ਮਾਸੂਮ, ਕਈ ਸਵਾਲ ਬਰਕਰਾਰ

ਘਰ ਦੇ ਸਾਹਮਣੇ ਗਲੀ ਵਿੱਚ ਖੇਡ ਰਿਹਾ ਢਾਈ ਸਾਲਾ ਬੱਚਾ ਆਖ਼ਰ ਚਾਰ-ਪੰਜ ਘਰ ਛੱਡ ਕੇ ਦੂਜੇ ਮਕਾਨ ਦੀ ਛੱਤ ਤੱਕ ਕਿਵੇਂ ਪਹੁੰਚਿਆ? ਸ਼ਨੀਵਾਰ ਦੁਪਹਿਰ ਤੋਂ ਐਤਵਾਰ ਤੜਕਸਾਰ ਤੱਕ ਉਹ ਕਿੱਥੇ ਰਿਹਾ ਅਤੇ ਉਸ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ? ਇਹ ਸਵਾਲ ਪਿੰਡ ਵਾਸੀਆਂ ਦੇ ਮਨਾਂ ਵਿੱਚ ਵੀ ਉੱਠ ਰਹੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬੱਚੇ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਜਾਂ ਇਸ ਪਿੱਛੇ ਕੋਈ ਅਪਰਾਧਿਕ ਘਟਨਾ ਹੈ। ਪੁਲਸ ਵੱਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
📲Get App