🔥 TRENDING Mizoram Women Face Arunachal Pradesh i... गडचिरोली–चंद्रपूर मार्गावर खड्ड्यांचे... Adventure Seeker’s Account of the 7‑La... गुना के ए बी रोड पर लावारिस गोवंश के ब... Meghalaya to Face Arunachal Pradesh in... Delhi Parcel Trains Seized for 2,000 k...
15 Nov 2026•
ગુજરાતી मराठी ਪੰਜਾਬੀ বাংলা

ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਦੀ ਛੇਤੀ ਪਛਾਣ ਤੇ ਸਮੇਂ ਸਿਰ ਸਹਾਇਤਾ ਬੇਹੱਦ ਜ਼ਰੂਰੀ : ਮਾਹਿਰ

✍️ Reporter: Jiwan kumar 🗓 15 Nov 2026, 04:47 PM 👁 18
Share: 💬 WhatsApp 📘 Facebook 𝕏 Post

ਕਾਨਫਰੰਸ ਵਿੱਚ ਮਾਹਿਰਾਂ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਮੇਂ ਸਿਰ ਪਛਾਣ ਅਤੇ ਉਨ੍ਹਾਂ ਨੂੰ ਢੁਕਵੀਂ ਸਹਾਇਤਾ ਦੇਣ ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ, ਸਿੱਖਿਆ ਅਤੇ ਸਮਾਜਿਕ ਜੀਵਨ ਵਿੱਚ ਬਿਹਤਰੀ ਲਿਆਂਦੀ ਜਾ ਸਕਦੀ ਹੈ।

ਸਰਕਾਰੀ ਰਾਜਿੰਦਰਾ ਕਾਲਜ ਵਿਖੇ ਤਿੰਨ ਰੋਜ਼ਾ ਕੌਮੀ ਕਾਨਫਰੰਸ ਸ਼ੁਰੂ; ਪਹਿਲੇ ਦਿਨ ਕਰੀਬ 150 ਪ੍ਰਤੀਭਾਗੀਆਂ ਨੇ ਕੀਤੀ ਸ਼ਮੂਲੀਅਤ

ਬਠਿੰਡਾ, 15 ਨਵੰਬਰ (ਜੀਵਨ ਬਾਂਸਲ): ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੋਸਾਇਟੀ ਬਠਿੰਡਾ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਛੇਤੀ ਪਛਾਣ, ਮੁਲਾਂਕਣ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਦੇ ਵਿਸ਼ੇ ’ਤੇ ਤਿੰਨ ਰੋਜ਼ਾ ਕੌਮੀ ਕਾਨਫਰੰਸ ਸ਼ੁਰੂ ਕੀਤੀ ਗਈ। 13 ਤੋਂ 15 ਨਵੰਬਰ ਤੱਕ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਸਪੈਸ਼ਲ ਐਜੂਕੇਸ਼ਨ, ਮਨੋਵਿਗਿਆਨ, ਪੁਨਰਵਾਸ ਅਤੇ ਬਾਲ ਅਧਿਕਾਰਾਂ ਨਾਲ ਜੁੜੇ ਮਾਹਿਰਾਂ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਭਾਰਤੀ ਪੁਨਰਵਾਸ ਪਰਿਸ਼ਦ ਤੋਂ ਮਨਜ਼ੂਰਸ਼ੁਦਾ ਇਸ ਜ਼ੋਨਲ ਕੰਟੀਨਿਊਇੰਗ ਰੀਹੈਬਿਲੀਟੇਸ਼ਨ ਐਜੂਕੇਸ਼ਨ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੇ ਵਿਕਾਸ, ਸੰਚਾਰ ਅਤੇ ਸਿੱਖਣ ਨਾਲ ਜੁੜੀਆਂ ਵਿਸ਼ੇਸ਼ ਲੋੜਾਂ ਦੀ ਸਮੇਂ ਸਿਰ ਪਛਾਣ ਕਰਨ ਅਤੇ ਉਨ੍ਹਾਂ ਨੂੰ ਢੁਕਵੀਂ ਸਹਾਇਤਾ ਮੁਹੱਈਆ ਕਰਵਾਉਣ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ।
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਬਠਿੰਡਾ ਜ਼ਿਲ੍ਹਾ ਦਫ਼ਤਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਾਨਫਰੰਸ ਦੇ ਪਹਿਲੇ ਦਿਨ ਕਰੀਬ 150 ਪ੍ਰਤੀਭਾਗੀਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਅਧਿਆਪਕ, ਮਨੋਵਿਗਿਆਨੀ, ਮਾਪੇ, ਖੋਜਾਰਥੀ ਅਤੇ ਦਿਵਿਆਂਗ ਵਿਅਕਤੀ ਸ਼ਾਮਲ ਸਨ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਪੰਕਜ ਕੁਮਾਰ, ਵੋਕੇਸ਼ਨਲ ਰੀਹੈਬਿਲੀਟੇਸ਼ਨ ਸੈਂਟਰ ਬਠਿੰਡਾ ਦੀ ਸੁਪਰਡੈਂਟ ਮੈਡਮ ਅਰਸ਼ਦੀਪ ਕੌਰ ਅਤੇ ਸ੍ਰੀ ਗੁਰਪ੍ਰੀਤ ਸਿੰਘ ਸਮੇਤ ਵਿਭਾਗ ਦੇ ਹੋਰ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਵਿਚਾਰ-ਚਰਚਾ ਦੌਰਾਨ ਸਰਕਾਰੀ ਭਲਾਈ ਸਕੀਮਾਂ, ਸਮਾਜਿਕ ਸੁਰੱਖਿਆ ਅਤੇ ਪੁਨਰਵਾਸ ਸੇਵਾਵਾਂ ਦੀ ਜਾਣਕਾਰੀ ਲੋੜਵੰਦ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਮਾਪਿਆਂ, ਅਧਿਆਪਕਾਂ ਅਤੇ ਮਾਹਿਰਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਨੂੰ ਵੀ ਅਹਿਮ ਦੱਸਿਆ ਗਿਆ।
ਕਾਨਫਰੰਸ ਦੇ ਪਹਿਲੇ ਦਿਨ ਸਪੈਸ਼ਲ ਐਜੂਕੇਸ਼ਨ ਅਤੇ ਦਿਵਿਆਂਗਤਾ ਦੇ ਖੇਤਰ ਨਾਲ ਸਬੰਧਤ ਉੱਘੇ ਮਾਹਿਰਾਂ ਅਤੇ ਬੁਲਾਰਿਆਂ ਨੇ ਆਪਣੇ ਤਜਰਬੇ, ਖੋਜ ਅਤੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਵਿੱਚ ਡਾ. ਰਮੇਸ਼ ਕੁਮਾਰ ਪਾਂਡੇ, ਡਾ. ਸ਼ੁਭਾ ਟਾਕ, ਡਾ. ਪਰਗਟ ਸਿੰਘ, ਡਾ. ਡੀ. ਐੱਨ. ਪਾਂਡੇ, ਸ੍ਰੀਮਤੀ ਸ਼ੇਰੈਨ ਰਤਨ, ਡਾ. ਵਿਪੁਲ ਵਿਠਲ, ਸ੍ਰੀਮਤੀ ਚੇਤਨਾ ਖੰਡੇਲਵਾਲ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਆਸ਼ਿਮ ਮਿੱਤਲ, ਡਾ. ਸੰਤੋਸ਼ ਕੁਮਾਰ, ਸ੍ਰੀਮਤੀ ਸ਼ਕੁਨ ਸੇਠ, ਡਾ. ਸੁਖਦੀਪ ਕੌਰ, ਸ੍ਰੀਮਤੀ ਰਾਜਵੀਰ ਕੌਰ ਅਤੇ ਸੀ.ਆਰ.ਈ. ਕੋਆਰਡੀਨੇਟਰ ਸ੍ਰੀਮਤੀ ਨਿਸ਼ਾ ਰਾਠੌਰ ਸਮੇਤ ਹੋਰ ਮਾਹਿਰ ਸ਼ਾਮਲ ਰਹੇ।
ਇਸ ਤੋਂ ਇਲਾਵਾ ਬਾਲ ਸੁਰੱਖਿਆ ਅਤੇ ਬਾਲ ਅਧਿਕਾਰਾਂ ਨਾਲ ਜੁੜੇ ਡਾ. ਗੁਰਪ੍ਰੀਤ ਕੌਰ (ਸਿਰਸਾ), ਸ੍ਰੀਮਤੀ ਰਵਨੀਤ ਕੌਰ (ਬਠਿੰਡਾ), ਅਰੋੜਾ ਕਲਾਸਿਜ਼ ਦੇ ਸੰਸਥਾਪਕ ਸ੍ਰੀ ਆਰ. ਕੇ. ਅਰੋੜਾ, ਸਰਕਾਰੀ ਰਾਜਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਜੋਤਸਨਾ ਅਤੇ ਨਗਰ ਨਿਗਮ ਬਠਿੰਡਾ ਤੋਂ ਸ੍ਰੀ ਬਲਜੀਤ ਸਿੰਘ ਸਰਾ ਨੇ ਵੀ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਦੀ ਛੇਤੀ ਪਛਾਣ ਅਤੇ ਸਹੀ ਦਿਸ਼ਾ ਵਿੱਚ ਸਮੇਂ ਸਿਰ ਕੀਤੇ ਯਤਨ ਉਨ੍ਹਾਂ ਦੇ ਬਿਹਤਰ ਭਵਿੱਖ, ਆਤਮ-ਵਿਸ਼ਵਾਸ ਅਤੇ ਸਮਾਜਿਕ ਸ਼ਮੂਲੀਅਤ ਲਈ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਬੱਚਿਆਂ ਦੀਆਂ ਲੋੜਾਂ ਨੂੰ ਸਮਝ ਕੇ ਉਨ੍ਹਾਂ ਨੂੰ ਸਮੇਂ ਸਿਰ ਸਹੀ ਸਹਾਇਤਾ ਅਤੇ ਮਾਰਗਦਰਸ਼ਨ ਮੁਹੱਈਆ ਕਰਵਾਉਣਾ ਜ਼ਰੂਰੀ ਹੈ।
ਕਾਨਫਰੰਸ ਦੇ ਬਾਕੀ ਸੈਸ਼ਨ 14 ਅਤੇ 15 ਨਵੰਬਰ ਨੂੰ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਜਾਰੀ ਰਹਿਣਗੇ। ਇਨ੍ਹਾਂ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪਛਾਣ, ਮੁਲਾਂਕਣ, ਸਿੱਖਿਆ, ਪੁਨਰਵਾਸ ਅਤੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਸਮੇਂ ਸਿਰ ਪ੍ਰਦਾਨ ਕਰਨ ਸਬੰਧੀ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
📲Get App